ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥
::: ਧੰਨ ਧੰਨ ਪੰਚਮ ਪਾਤਸ਼ਾਹ :::
( ਬਿਕਰਮਜੀਤ ਸਿੰਘ "ਜੀਤ" )
ਧੰਨ ਧੰਨ ਪੰਚਮ ਪਾਤਸ਼ਾਹ, ਧੰਨ ਤੇਰੀ ਕਮਾਈ
ਮੰਨ ਕੇ ਭਾਣਾਂ ਰੱਬ ਦਾ, ਸੀ ਸ਼ਹੀਦੀ ਪਾਈ
ਗੁਰਾਂ ਦੇ ਦੋਖੀ ਪਹੁੰਚ ਜਿਨ੍ਹਾਂ ਦੀ, ਹੈ ਸੀ ਵਿਚ ਸਰਕਾਰੇ
ਨਿੰਦਾ ਅਤੇ ਸ਼ਿਕਾਇਤ ਝੂਠੀ, ਉਨ੍ਹਾਂ ਕੀਤੀ ਵਿਚ ਦਰਬਾਰੇ
ਜਲਨ ਕ੍ਰੋਧ ਵਿਚ ਭਰੇ ਵੈਰੀਆਂ, ਐਸੀ ਵਿਓਂਤ ਬਣਾਈ
ਫ਼ਤਵਾ ਲਾ ਕੇ ਕਾਜ਼ੀ ਨੇਂ ਫ਼ਿਰ, ਗੁਰਾਂ ਨੁੰ ਸਜ਼ਾ ਸੁਣਾਈ
ਗੁਰਾਂ ਨੂੰ ਸਜ਼ਾ ਸੁਣਾਈ .......ਗੁਰਾਂ ਨੂੰ ਸਜ਼ਾ ਸੁਣਾਈ
ਧੰਨ ਧੰਨ ਪੰਚਮ ਪਾਤਸ਼ਾਹ, ਧੰਨ ਤੇਰੀ ਕਮਾਈ
ਮੰਨ ਕੇ ਭਾਣਾਂ ਰੱਬ ਦਾ, ਸੀ ਸ਼ਹੀਦੀ ਪਾਈ
ਤੱਪਦੀ ਹੋਈ ਤਵੀ ਤੇ ਸੀ ਤੂੰ, ਆਪ ਚੌਂਕੜਾ ਲਾਇਆ
ਸੀਸ ਦੇ ਉੱਪਰ ਭੱਖਦਾ ਰੇਤਾ, ਸੀ ਜ਼ਾਲਮਾਂ ਪਾਇਆ
ਭਾਂਬੜ ਬਾਲ ਕੇ ਦੁਸ਼ਮਣਾਂ, ਨੇਂ ਬਹੁਤੀ ਅੱਤ ਮਚਾਈ
ਹੋਈ ਹੱਦ ਕਹਿਰ ਦੀ ਐਸੀ, ਦੁਨੀਆਂ ਥਰ-ਥਰਾਈ
ਦੁਨੀਆਂ ਥਰ-ਥਰਾਈ.....ਦੁਨੀਆਂ ਥਰ-ਥਰਾਈ
ਧੰਨ ਧੰਨ ਪੰਚਮ ਪਾਤਸ਼ਾਹ, ਧੰਨ ਤੇਰੀ ਕਮਾਈ
ਮੰਨ ਕੇ ਭਾਣਾਂ ਰੱਬ ਦਾ, ਸੀ ਸ਼ਹੀਦੀ ਪਾਈ
ਖ਼ਬਰ ਭਿਆਨਕ ਜ਼ਬਰ ਦੀ ਸੁਣ ਕੇ, ਸੰਗਤ ਕੱਠੀ ਹੋਈ
ਮੀਆਂ ਮੀਰ ਸੀ ਰੱਬ ਦਾ ਬੰਦਾ, ਕੀਤੀ ਉਸ ਅਰਜੋਈ
ਹੋਵੇ ਹੁਕਮ ਲਹੌਰ ਸ਼ਹਿਰ ਨੂੰ, ਕਰਾਂ ਗਰਕ ਪੱਲ ਮਾਂਹੀਂ
ਕਿਹਾ ਗੁਰਾਂ ਕਰਾਮਾਤ ਦਿਖਾਣੀਂ, ਨਾਨਕ ਦੇ ਘਰ ਨਾਂਹੀਂ
ਨਾਨਕ ਦੇ ਘਰ ਨਾਂਹੀਂ ........ ਨਾਨਕ ਦੇ ਘਰ ਨਾਂਹੀਂ
ਧੰਨ ਧੰਨ ਪੰਚਮ ਪਾਤਸ਼ਾਹ, ਧੰਨ ਤੇਰੀ ਕਮਾਈ
ਮੰਨ ਕੇ ਭਾਣਾਂ ਰੱਬ ਦਾ, ਸੀ ਸ਼ਹੀਦੀ ਪਾਈ
ਹੋ ਕੇ ਤੂੰ ਕੁਰਬਾਨ ਸੱਚ ਤੋਂ, ਸਨ ਪੂਰਨੇਂ ਪੱਕੇ ਪਾਏ
ਭਾਣਾਂ ਮਿੱਠਾ ਕਰਕੇ ਮੰਨਣਾਂ, ਦਿਤਾ ਕਰ ਦਿਖਲਾਏ
ਬਣਿਆਂ ਪੁੰਜ ਸ਼ਾਂਤੀ ਦਾ ਤੂੰ, ਤੇਰੇ ਕਾਰਜ ਬੇ ਮਿਸਾਲ
ਜਾਨ ਵਾਰ ਕੇ ਧਰਮ ਦੇ ਉੱਤੋਂ, ਕੀਤਾ ਅਜਬ ਕਮਾਲ
ਕੀਤਾ ਅਜਬ ਕਮਾਲ ...... ਕੀਤਾ ਅਜਬ ਕਮਾਲ
ਧੰਨ ਧੰਨ ਪੰਚਮ ਪਾਤਸ਼ਾਹ, ਧੰਨ ਤੇਰੀ ਕਮਾਈ
ਮੰਨ ਕੇ ਭਾਣਾਂ ਰੱਬ ਦਾ, ਸੀ ਸ਼ਹੀਦੀ ਪਾਈ
ਮਹਾਨ ਗੁਰੂ ਦਾ ਦਿਵਸ ਸ਼ਹੀਦੀ, ਆਓ ਅਜ ਮਨਾਈਏ
ਗੁਰਾਂ ਦੇ ਪੂਰਨਿਆਂ ਤੇ ਚਲਕੇ, 'ਜੀਤ' ਜਨਮ ਸਫ਼ਲਾਈਏ
ਜਦ ਤਕ ਅੰਬਰ ਦੇ ਵਿਚ ਚਲਸੀ, ਚੰਨ ਸੂਰਜ ਦੀ ਫ਼ੇਰੀ
ਯਾਦ ਰਹੇਗੀ ਪੰਜਵੇਂ ਨਾਨਕ, ਇਹ ਸ਼ਹੀਦੀ ਗਾਥਾ ਤੇਰੀ
ਧੰਨ ਧੰਨ ਪੰਚਮ ਪਾਤਸ਼ਾਹ, ਧੰਨ ਤੇਰੀ ਕਮਾਈ
ਮੰਨ ਕੇ ਭਾਣਾਂ ਰੱਬ ਦਾ, ਸੀ ਸ਼ਹੀਦੀ ਪਾਈ
--:(/\):--