* ਜਨਮ ਦਿਨ - ਇਕ ਪੜਾਵ *
ਹਰ ਜਨਮ ਦਿਨ ਇਕ ਪੜਾਵ ਵਾਕਣ,
ਕੁਝ ਅਮਨ ਤੇ ਖੁਸ਼ੀ ਦਾ ਸਾਹ ਹੁੰਦੈ
ਆਤਮ ਚਿੰਤਨ ਦੀ ਪੈਂਦੀ ਏ ਲੋੜ ਇੱਥੇ,
ਗੁਜ਼ਰੇ ਸਾਲ ਦੇ ਲੇਖੇ ਦਾ ਜੋੜ ਹੁੰਦੈ
ਮੱਤੇ ਸੱਜਰੇ ਬਹਿ ਅੱਜ ਬਣਾਏ ਬੰਦਾ,
ਸੁਫ਼ਨੇ ਨਵੇਂ ਵੀ ਰੰਗਣੇ ਉਡੀਕਦਾ ਏ
ਕੀ ਛੱਡਣੈ ਤੇ ਕੀ ਕੁਝ ਨਵਾਂ ਕਰਨੈ,
ਵਿਓਂਤਾਂ ਅਗੋਂ ਦੇ ਲਈ ਉਲੀਕਦਾ ਏ
ਸਜਣ ਮਿੱਤਰ ਗੁਆਂਢੀ ਤੇ ਸਨਬੰਧੀ,
ਦੇਣ ਵਧਾਈਆਂ ਤੇ ਸ਼ੁਭ ਸੰਦੇਸ਼ ਸਾਰੇ
ਚੜ੍ਹਿਆ ਸੂਰਜ ਵੀ ਅੱਜ ਦਾ ਨਵਾਂ ਲਗੇ,
ਛਾਈ ਰੁੱਤ ਸੁਹਾਵਣੀ ਪਾਸੇ ਚਾਰੇ
ਐਪਰ ਸੱਚ ਹੈ ਇਹ ਵੀ ਸੋਲਾਂ ਆਨੇਂ,
ਵੱਧੇ ਉਮਰ ਪਰ ਸਾਲ ਤਾਂ ਜਾਂਣ ਘੱਟਦੇ
ਜੀਵਨ ਪੂੰਜੀ ਚੋਂ ਹਰ ਜਨਮ ਦਿਨ ਤੇ,
ਇਕ ਇਕ ਕਰਕੇ ਜਾਂਦੇ ਨੇਂ ਇਹ ਛੱਟਦੇ
ਛਾਲਾਂ ਮਾਰ ਕੇ ਬਚਪਨ ਲੰਘ ਜਾਂਦੈ,
ਵਿਚ ਉਡਾਰੀਆਂ ਜਵਾਨੀ ਅਲੋਪ ਹੁੰਦੀ
ਬਿਨ ਬੁਲਾਏ ਬੁਢਾਪਾ ਵੀ ਆਣ ਵੜਦੈ,
ਆਖਰੀ ਸਫ਼ਰ ਦੀ ਫ਼ੇਰ ਉਡੀਕ ਹੁੰਦੀ
ਭਾਵੇਂ ਕਿਸੇ ਪੜਾਵ ਤੇ ਹੋਈਏ ਅੱਸੀਂ,
ਪੱਕੀ ਬੰਨ੍ਹੀਏ ਪੱਲੇ ਇਹ ਹੁਣ ਗੱਲ ਸਾਰੇ
ਬੀਤੇ ਸਮੇਂ ਨੂੰ ਭੁਲ ਕੇ ਅਗੇ ਵਧੀਏ,
ਫੜੀਏ ਉਜਲੀ ਤੇ ਸੱਚ ਦੀ ਡਗਰ ਸਾਰੇ
ਹੋਵੇ ਓਸਦਾ ਹਰ ਪਲ ਸਫ਼ਲ ਇਥੇ,
ਹਰ ਪੜਾਵ ਉਸਦਾ ਅੱਤ ਖੁਸ਼ਹਾਲ ਹੋਵੇ
ਵਿਸਰੇ ਕਦੇ ਨ੍ਹਾਂ ਜਿਸਨੂ ਸਾਈਂ ਸੱਚਾ,
ਅੰਦਰ ਨਾਮ ਦੀ ਜਗਮਗ ਮਸ਼ਾਲ ਹੋਵੇ
ਹੁੰਦੈ ਸਾਲ ਇਕ ਇਕ ਬੜਾ ਕੀਮਤੀ ਜੀ,
ਡੂੰਘੀ ਸੋਚ ਨਾਲ ਮੱਤੇ ਪਕਾ ਲਈਏ
ਐਸਾ ਕੁਝ ਕਰੀਏ ਖ਼ੁਦ ਤੇ ਫ਼ਖ਼ਰ ਹੋਵੇ,
"ਜੀਤ" ਸਭ ਨੂੰ ਆਪਣਾ ਬਣਾ ਲਈਏ
No comments:
Post a Comment