ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ,
ਹੁਕਮ ਪਿਤਾ ਦਾ ਕਦੇ ਵੀ ਮੰਨਦੇ ਨਹੀਂ
ਲਿੱਖ ਲਿੱਖ ਬੇਦਾਵੇ ਹਾਂ ਰੋਜ਼ ਦੇਂਦੇ,
ਮਨਮੱਤ ਕਰਨ ਤੋਂ ਕਦੇ ਵੀ ਟੱਲਦੇ ਨਹੀਂ
ਬਿਪਰਨ ਰੀਤ ਹੈ ਧੱਸੀ ਅੰਦਰ ਸਾਡੇ,
ਸਿੱਖੀ ਵਿਰਸਾ ਅਸੀਂ ਭੁਲਦੇ ਜਾਂਵਦੇ ਹਾਂ
ਗੁਰਮੱਤ ਅਸਾਂ ਨੇਂ ਹੈ ਵਿਸਾਰ ਦਿੱਤੀ,
ਦੀਵੇ ਮੜ੍ਹੀਆਂ ਮਸਾਣਾਂ ਜਾ ਬਾਲਦੇ ਹਾਂ
ਸੱਚੇ ਸ਼ਬਦ ਗੁਰੂ ਦਾ ਹੁਣ ਛੱਡ ਪੱਲਾ,
ਝੂਠੇ ਸਾਧਾਂ ਦੇ ਚੱਕਰ 'ਚ ਰੁਲ ਰਹੇ ਹਾਂ
ਖੁੰਝਿਐ ਪਾਠ ਤੇ ਨਾਲੇ ਗੁਰਦੁਆਰਾ,
ਅਸੀਂ ਫ਼ਤਹਿ ਬੁਲਾਣੀਂ ਵੀ ਭੁਲ ਗਏ ਹਾਂ
ਨਹੀਂ ਛੱਕਿਆਂ ਖੰਡੇ ਦਾ ਅਸਾਂ ਅਮ੍ਰਿਤ,
ਸਿੱਖ ਫ਼ੇਰ ਵੀ ਅਸੀ ਅਖਵਾ ਰਹੇ ਹਾਂ
ਪੰਜ ਕਕਾਰਾਂ ਦੀ ਸਾਨੂੰ ਸੰਭਾਲ ਭੁੱਲੀ,
ਕੁਰਹਿਤਾਂ ਡੱਟ ਕੇ ਕਰਦੇ ਜਾ ਰਹੇ ਹਾਂ
ਭੁੱਲ ਗਏ ਹਾਂ ਗੁਰੂਆਂ ਦੀ ਕੁਰਬਾਨੀ,
ਸ਼ਹੀਦ ਕੌਮ ਦੇ ਵਿਸਾਰੇ ਅਸਾਂ ਸਾਰੇ
ਸਾਡੇ ਲਈ ਨੇਂ ਦਿੱਤੀਆਂ ਜਿਨ੍ਹਾਂ ਜਾਨਾਂ,
ਕੀਤੇ ਯਾਦ ਨ੍ਹਾਂ ਕਦੀ ਉਹ ਲਾਲ ਚਾਰੇ
ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਏ,
ਸਮਾਂ ਹੋਰ ਨ੍ਹਾਂ ਐਵੇਂ ਵੰਜਾਈਏ ਜੀ
ਛੱਕੀਏ ਅਮ੍ਰਿਤ ਤੇ ਬਣੀਂਏ ਗੁਰੂ ਵਾਲੇ,
ਖ਼ਾਲਸਾ ਪੰਥ ਦੀ ਸ਼ਾਨ ਵਧਾਈਏ ਜੀ
ਹੈ ਇਹ ਜੋਦੜੀ ਪਿਤਾ ਦਸ਼ਮੇਸ਼ ਅੱਗੇ,
ਦੇਵੀਂ ਸਦਮੱਤ ਤੇ ਸਾਨੂੰ ਤਾਣ ਦੇਵੀਂ
ਖੰਡੇਧਾਰ ਇਸ ਰਾਹ ਤੇ ਚੱਲ ਸਕੀਏ,
ਜੋਸ਼ ਜੁਗਤ ਤੇ ਨਾਲੇ ਗਿਆਨ ਦੇਵੀਂ
ਸ਼ੁੱਭ ਕਰਮ ਹੋਵਣ ਸਾਡੇ ਜੱਗ ਅੰਦਰ,
ਸਿਮਰਨ ਕੀਰਤਨ ਦੀ ਸਦ ਭੁੱਖ ਹੋਵੇ
ਲੋਚੀਏ ਭੱਲਾ ਸਬ ਦਾ ਤੇ ਦਸਵੰਦ ਕਢੀਏ,
ਦੁਖੀਆਂ ਵਾਸਤੇ ਸੇਵਾ ਦੀ ਧੁੱਖ ਹੋਵੇ
ਗੁਰੂ ਕਰੇ ਮਿਹਰ ਸਾਡੇ ਗੁਨਾਹ ਬਖਸ਼ੇ,
ਟੋਟੇ ਸਾਡੇ ਬੇਦਾਵਿਆਂ ਦੇ ਕਰੇ ਬਾਬਾ
ਹੋਈਏ ਸੁਰਖ਼ੁਰੂ ਮਹਾਂ ਸਿੰਘ ਵਾਕਣ,
'ਜੀਤ' ਕੌਤਕ ਐਸਾ ਕੋਈ ਕਰੇ ਬਾਬਾ
======================================
ਬਿਕਰਮਜੀਤ ਸਿੰਘ "ਜੀਤ" - sethigem@yahoo.com
(Click on picture to enlarge)
No comments:
Post a Comment