Monday, 18 April 2011

:::: SACHAA - GURSIKH ::::




(CLICK ON THE PICTURE TO ENLARGE)









:: ਸੱਚਾ ਗੁਰਸਿੱਖ ::
(ਬਿਕਰਮਜੀਤ ਸਿੰਘ "ਜੀਤ")

ਸੱਚਾ ਗੁਰਸਿੱਖ ਸੰਤ ਸਿਪਾਹੀ, ਮੰਗੇ ਭਲਾ ਸਰਬੱਤ ਦਾ ਇਹ
ਰਹਿਤਵੰਤ ਕਰਮੀ ਵਡ ਦਾਨੀ, ਰਾਹੀ ਹੈ ਗੁਰਮੱਤ ਦਾ ਇਹ

ਹੈ ਸਾਬਤ ਸੂਰਤ ਤੇ ਉੱਚਾ ਸੁੱਚਾ, ਕੀਰਤ ਪ੍ਰਭ ਦੀ ਗਾਂਦਾ ਇਹ
ਟੁਰ ਕੇ ਗੁਰਾਂ ਦੇ ਪੂਰਨਿਆਂ ਤੇ, ਮਨ ਸੇਵਾ ਭਗਤੀ ਲਾਂਦਾ ਇਹ

ਅਣਖ ਨਾਲ ਜੀਵੇ ਜਗ ਅੰਦਰ, ਨਿਆਰੀ ਛਬੀ ਹੈ ਰੱਖਦਾ ਇਹ
ਜਾਨ ਛਿੜਕਦਾ ਚੰਗਿਆਂ ਉਪਰ, ਮਾੜਿਆਂ ਵੇਖ ਹੈ ਭੱਖਦਾ ਇਹ

ਲੋਕ ਭਲਾਈ ਲਈ ਹੈ ਤੱਤਪਰ, ਕਦੇ ਨ੍ਹਾਂ ਗਫ਼ਲਤ ਕਰਦਾ ਇਹ
ਵਿਚ ਸੰਕਟ ਜਦ ਹੋਵੇ ਕੋਈ, ਬਣ ਮਦਦਗਾਰ ਆ ਖੜ੍ਹਦਾ ਇਹ

ਕਰੇ ਇਜ਼ਤ ਇਹ ਪਰ ਨਾਰੀ ਦੀ, ਮਾਂ ਧੀਅ ਭੈਣ ਸਮੱਝਦੈ ਇਹ
ਪਰਾਇਆ ਹੱਕ ਧੋਖਾ ਤੇ ਚੋਰੀ, ਤਿਸ ਸਿਓਂ ਮੂਲ ਨ੍ਹਾਂ ਬੱਝਦੈ ਇਹ

ਕਿਰਤ ਕਰੇ ਦਸਾਂ ਨਹੂੰਆਂ ਦੀ, ਦਿਆਨਤਦਾਰ ਹੈ ਹੱਦ ਦਾ ਇਹ
ਸਫ਼ਲ ਕਮਾਈ ਕਰਨ ਦੇ ਤਾਈਂ, ਕਢ੍ਹ ਦਸਵੰਦ ਵੱਖ ਧਰਦਾ ਇਹ

ਰਣਜੀਤ ਸਿੰਘ ਵਰਗਾ ਪ੍ਰਾਕਰਮੀ, ਬੰਦਾ ਸਿੰਘ ਦੀ ਸੂਰਤ ਹੈ ਇਹ
ਰੂਹ ਤਾਰੂ ਸਿੰਘ ਦੀ ਇਸ ਅੰਦਰ, ਮਨੀ ਸਿੰਘ ਦੀ ਮੂਰਤ ਹੈ ਇਹ

ਭੁਲਾਂ ਬਖਸ਼ਾਏ ਵਾਂਗ ਮਹਾਂ ਸਿੰਘ, ਬੇਦਾਵੇ ਲਿਖ ਫੜਵਾਂਦਾ ਹੈ ਇਹ
ਵਾਂਗ ਦਯਾ ਸਿੰਘ ਗੁਰ ਚਰਨਾਂ ਵਿਚ, ਸੀਸ ਭੇਟ ਕਰ ਜਾਂਦਾ ਹੈ ਇਹ

ਸ਼ਹੀਦ ਸਿੰਘ ਤੇ ਸਿੰਘਣੀਆਂ ਦੀ, ਜ਼ਿੰਦਾ ਅਜ ਪਹਿਚਾਣ ਹੈ ਇਹ
ਵਿਚ ਮੈਦਾਨ ਕਰੇ ਜੰਗ ਡਟ ਕੇ, ਮਾਈ ਭਾਗੋ ਦੀ ਸੰਤਾਨ ਹੈ ਇਹ

ਭਾਈ ਗੁਰਦਾਸ ਮਹਾਨ ਦੇ ਵਰਗਾ, ਵਡਾ ਬ੍ਰਹਮ ਗਿਆਨੀ ਹੈ ਇਹ
ਸਿਆਣਾਂ ਬਾਬਾ ਬੁਢਾ ਜੀ ਤੁਲ, ਪੁਰੁਸ਼ ਸ੍ਰੇਸ਼ਟ ਵਡ ਦਾਨੀ ਹੈ ਇਹ

ਪੁੱਤ ਲਾਡਲਾ ਦਸ਼ਮੇਸ਼ ਪਿਤਾ ਦਾ, ਰਾਹ ਸੱਚ ਦੀ ਚਲਦਾ ਹੈ ਇਹ
ਭਾਣੇਂ ਅੰਦਰ ਹਰਦਮ ਰਹਿੰਦਾ, ਸੱਚਾ ਪਿੜ ਅੰਤ ਮੱਲਦਾ ਹੈ ਇਹ

ਗੁਰੂ ਪਿਆਰਿਓ ਆਓ ਸਾਰੇ,  ਹੁਣ ਮਾਰੀਏ ਝਾਤੀ ਅਪਣੇਂ ਅੰਦਰ
ਬਣੀਏਂ"ਜੀਤ"ਅਸੀ ਸੱਚੇ ਗੁਰਸਿੱਖ, ਗੁਰੂ ਵਸੇ ਸਾਡੇ ਮਨ ਮੰਦਰ

-----<:>-----

No comments:

Post a Comment